ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀ ਸਾਖੀ
ਉਸ ਸ਼ਾਮ ਗੁਰਦੁਆਰਾ ਸਾਹਿਬ ਵਿੱਚ ਬਹੁਤ ਰੌਣਕ ਸੀ। ਦਰਵਾਜ਼ਿਆਂ ਉੱਤੇ ਗੇਂਦੇ ਦੇ ਫੁੱਲਾਂ ਦੀਆਂ ਮਾਲਾਵਾਂ ਸਜੀਆਂ ਹੋਈਆਂ ਸਨ। ਨਿੱਕੀਆਂ-ਨਿੱਕੀਆਂ ਰੌਸ਼ਨੀਆਂ ਚਮਕ ਰਹੀਆਂ ਸਨ ਅਤੇ ਕੀਰਤਨ ਦੀ ਮਿੱਠੀ ਆਵਾਜ਼ ਸੁਣਾਈ ਦੇ ਰਹੀ ਸੀ।
ਸਿਮਰਨ ਆਪਣੇ ਦੋਸਤ ਲੀਓ ਨਾਲ ਗੁਰਦੁਆਰਾ ਸਾਹਿਬ ਆਈ ਸੀ। ਲੀਓ ਪਹਿਲੀ ਵਾਰ ਅੰਦਰ ਆ ਰਿਹਾ ਸੀ। ਦੋਹਾਂ ਨੇ ਜੋੜੇ ਉਤਾਰੇ, ਸਿਰ ਢੱਕੇ ਅਤੇ ਹੱਥ ਧੋ ਕੇ ਦਰਬਾਰ ਹਾਲ ਵੱਲ ਕਦਮ ਵਧਾਏ।
“ਸਿਮਰਨ, ਮੈਂ ਇਸ ਇਮਾਰਤ ਦੇ ਅੱਗਿਓਂ ਕਿੰਨੀ ਵਾਰ ਲੰਘਿਆ ਹਾਂ,” ਲੀਓ ਨੇ ਆਲੇ-ਦੁਆਲੇ ਵੇਖਦਿਆਂ ਕਿਹਾ, “ਪਰ ਅੱਜ ਇੱਥੇ ਕੁਝ ਵੱਖਰਾ ਹੀ ਮਹਿਸੂਸ ਹੋ ਰਿਹਾ ਹੈ!”
ਸਿਮਰਨ ਮੁਸਕਰਾਈ। “ਅੱਜ ਪਹਿਲਾ ਪ੍ਰਕਾਸ਼ ਪੁਰਬ ਹੈ। ਅਸੀਂ ਉਸ ਦਿਨ ਦੀ ਯਾਦ ਮਨਾ ਰਹੇ ਹਾਂ, ਜਦੋਂ ਸੰਨ 1604 ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਸੀ।”
ਦਰਬਾਰ ਹਾਲ ਦੇ ਬਾਹਰ ਲੀਓ ਰੁਕ ਗਿਆ। ਅੰਦਰ ਸੁੰਦਰ ਰੁਮਾਲਿਆਂ ਨਾਲ ਸਜਾਏ ਪਾਵਨ ਸਰੂਪ ਉੱਤੇ ਚੰਦੋਆ ਸਾਹਿਬ ਸੀ। ਸੰਗਤ ਵਾਰੀ-ਵਾਰੀ ਅੱਗੇ ਜਾ ਕੇ ਬੜੇ ਸਤਿਕਾਰ ਨਾਲ ਮੱਥਾ ਟੇਕ ਰਹੀ ਸੀ।
ਲੀਓ ਨੇ ਹੌਲੀ ਜਿਹੀ ਪੁੱਛਿਆ, “ਸਿਮਰਨ, ਸਾਰੇ ਇੱਕ ਕਿਤਾਬ ਅੱਗੇ ਮੱਥਾ ਕਿਉਂ ਟੇਕ ਰਹੇ ਹਨ?”
ਸਿਮਰਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਵੇਖਿਆ। ਫਿਰ ਪਿਆਰ ਨਾਲ ਸਮਝਾਉਣ ਲੱਗੀ, “ਆਮ ਕਿਤਾਬਾਂ ਸਾਨੂੰ ਕਹਾਣੀਆਂ ਸੁਣਾਉਂਦੀਆਂ ਹਨ ਜਾਂ ਕੁਝ ਸਿਖਾਉਂਦੀਆਂ ਹਨ। ਪਰ ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਇੱਕ ਕਿਤਾਬ ਨਹੀਂ ਹਨ। ਆਪ ਜੀ ਸਾਡੇ ਹਾਜ਼ਰ-ਨਾਜ਼ਰ ਗੁਰੂ ਹਨ। ਅਸੀਂ ਆਪ ਜੀ ਨੂੰ ਸ਼ਬਦ ਗੁਰੂ ਆਖਦੇ ਹਾਂ।”
“ਸ਼ਬਦ ਗੁਰੂ?” ਲੀਓ ਨੇ ਹੈਰਾਨੀ ਨਾਲ ਪੁੱਛਿਆ। “ਪਰ ਸ਼ਬਦ ਜੀਉਂਦੇ ਕਿਵੇਂ ਹੋ ਸਕਦੇ ਹਨ? ਕੀ ਉਹ ਸਾਡੇ ਵਾਂਗ ਸਾਹ ਲੈਂਦੇ ਹਨ?”
“ਸਾਡੇ ਵਾਂਗ ਨਹੀਂ,” ਸਿਮਰਨ ਨੇ ਮੁਸਕਰਾ ਕੇ ਕਿਹਾ। “ਗੁਰਬਾਣੀ ਅੱਜ ਵੀ ਸਾਨੂੰ ਰਾਹ ਦਿਖਾਉਂਦੀ ਹੈ। ਜਦੋਂ ਅਸੀਂ ਉਦਾਸ ਹੁੰਦੇ ਹਾਂ, ਸਾਨੂੰ ਸ਼ਾਂਤੀ ਦਿੰਦੀ ਹੈ। ਜਦੋਂ ਸਮਝ ਨਹੀਂ ਆਉਂਦੀ ਕਿ ਕੀ ਕਰੀਏ, ਸਾਨੂੰ ਸਹੀ ਰਾਹ ਚੁਣਨਾ ਸਿਖਾਉਂਦੀ ਹੈ।”
ਲੀਓ ਸੋਚ ਵਿੱਚ ਪੈ ਗਿਆ। ਉਸ ਦੇ ਮਨ ਵਿੱਚ ਅਜੇ ਵੀ ਕਈ ਸਵਾਲ ਸਨ।
“ਆਓ, ਪਿਤਾ ਜੀ ਕੋਲ ਚੱਲੀਏ,” ਸਿਮਰਨ ਨੇ ਕਿਹਾ। “ਉਹ ਹੇਠਾਂ ਅਜਾਇਬ ਘਰ ਵਿੱਚ ਹਨ। ਉਹ ਤੁਹਾਨੂੰ ਇਹ ਗੱਲ ਹੋਰ ਚੰਗੀ ਤਰ੍ਹਾਂ ਸਮਝਾਉਣਗੇ।”
ਇਤਿਹਾਸ ਦੀ ਝਲਕ
ਅਜਾਇਬ ਘਰ ਵਿੱਚ ਪੁਰਾਣੀਆਂ ਵਸਤਾਂ ਸ਼ੀਸ਼ੇ ਦੇ ਅੰਦਰ ਸੰਭਾਲ ਕੇ ਰੱਖੀਆਂ ਹੋਈਆਂ ਸਨ। ਕੰਧਾਂ ਉੱਤੇ ਵੱਡੀਆਂ ਸਕਰੀਨਾਂ ਲੱਗੀਆਂ ਸਨ। ਸਿਮਰਨ ਦੇ ਪਿਤਾ ਜੀ ਇੱਕ ਤਸਵੀਰ ਅੱਗੇ ਖੜ੍ਹੇ ਸਨ। ਤਸਵੀਰ ਵਿੱਚ ਸ਼ਾਂਤ ਸਰੋਵਰ ਅਤੇ ਹਰੇ-ਭਰੇ ਰੁੱਖ ਨਜ਼ਰ ਆ ਰਹੇ ਸਨ।
ਪਿਤਾ ਜੀ ਨੇ ਦੋਹਾਂ ਦਾ ਪਿਆਰ ਨਾਲ ਸੁਆਗਤ ਕੀਤਾ। ਗੱਲਾਂ ਕਰਦਿਆਂ ਲੀਓ ਨੇ ਆਪਣਾ ਸਵਾਲ ਉਨ੍ਹਾਂ ਅੱਗੇ ਰੱਖ ਦਿੱਤਾ।
“ਅੰਕਲ ਜੀ, ਸਿਮਰਨ ਕਹਿੰਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਹਾਜ਼ਰ-ਨਾਜ਼ਰ ਗੁਰੂ ਹਨ। ਇਹ ਸਭ ਕਿਵੇਂ ਸ਼ੁਰੂ ਹੋਇਆ?”
“ਬਹੁਤ ਸੋਹਣਾ ਸਵਾਲ ਹੈ, ਲੀਓ,” ਪਿਤਾ ਜੀ ਨੇ ਕਿਹਾ। “ਇਸ ਦਾ ਜਵਾਬ ਸਮਝਣ ਲਈ ਸਾਨੂੰ ਚਾਰ ਸੌ ਸਾਲ ਤੋਂ ਵੀ ਵੱਧ ਪੁਰਾਣੇ ਸਮੇਂ ਬਾਰੇ ਜਾਣਨਾ ਪਵੇਗਾ।”
ਉਨ੍ਹਾਂ ਨੇ ਤਸਵੀਰ ਵੱਲ ਇਸ਼ਾਰਾ ਕੀਤਾ। “ਇਹ ਅੰਮ੍ਰਿਤਸਰ ਵਿੱਚ ਰਾਮਸਰ ਸਾਹਿਬ ਦੀ ਝਲਕ ਹੈ। ਸਾਡੇ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਥੇ ਬਾਣੀ ਨੂੰ ਇਕੱਠਾ ਕਰਕੇ ਪਾਵਨ ਗ੍ਰੰਥ ਸਾਹਿਬ ਜੀ ਤਿਆਰ ਕਰਵਾਉਣ ਦੀ ਸੇਵਾ ਆਰੰਭੀ। ਗੁਰੂ ਸਾਹਿਬ ਚਾਹੁੰਦੇ ਸਨ ਕਿ ਸੱਚੀ ਬਾਣੀ ਸੁਰੱਖਿਅਤ ਰਹੇ ਅਤੇ ਉਸ ਵਿੱਚ ਕਿਸੇ ਹੋਰ ਦੀ ਰਚਨਾ ਮਿਲਾ ਕੇ ਗੁਰਬਾਣੀ ਵਜੋਂ ਪੇਸ਼ ਨਾ ਕੀਤੀ ਜਾ ਸਕੇ।”
ਪਿਤਾ ਜੀ ਨੇ ਸਕਰੀਨ ਨੂੰ ਛੋਹਿਆ। ਤਸਵੀਰ ਜਗਮਗਾ ਉੱਠੀ। ਸਰੋਵਰ ਅਤੇ ਬੇਰੀ ਦੇ ਰੁੱਖ ਦਾ ਅਜਿਹਾ ਰੌਸ਼ਨੀ ਵਾਲਾ ਮਾਡਲ ਸਾਹਮਣੇ ਆਇਆ, ਜਿਸ ਨੂੰ ਚਾਰੇ ਪਾਸਿਓਂ ਵੇਖਿਆ ਜਾ ਸਕਦਾ ਸੀ।
ਲੀਓ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। “ਵਾਹ! ਇਹ ਤਾਂ ਇੰਝ ਲੱਗਦਾ ਹੈ ਜਿਵੇਂ ਅਸੀਂ ਉੱਥੇ ਹੀ ਖੜ੍ਹੇ ਹੋਈਏ!”
“ਇਹ ਇਤਿਹਾਸ ਨੂੰ ਸਮਝਾਉਣ ਲਈ ਬਣਾਈ ਗਈ ਝਲਕ ਹੈ,” ਪਿਤਾ ਜੀ ਨੇ ਦੱਸਿਆ।
ਸਿਮਰਨ ਮੁਸਕਰਾ ਰਹੀ ਸੀ। ਉਸ ਨੂੰ ਪਤਾ ਸੀ ਕਿ ਲੀਓ ਨੂੰ ਅਜਾਇਬ ਘਰ ਦਾ ਇਹ ਹਿੱਸਾ ਬਹੁਤ ਚੰਗਾ ਲੱਗੇਗਾ।
ਬਾਣੀ ਦਾ ਅਨਮੋਲ ਖ਼ਜ਼ਾਨਾ
ਹੁਣ ਸਕਰੀਨ ਉੱਤੇ ਬਾਣੀ ਲਿਖਣ ਦੀ ਸੇਵਾ ਦਾ ਦ੍ਰਿਸ਼ ਦਿਖਾਇਆ ਜਾ ਰਿਹਾ ਸੀ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਹਜ਼ੂਰੀ ਵਿੱਚ ਭਾਈ ਗੁਰਦਾਸ ਜੀ ਬੜੇ ਧਿਆਨ ਨਾਲ ਬਾਣੀ ਲਿਖ ਰਹੇ ਸਨ। ਕਲਮ ਦੇ ਕਾਗਜ਼ ਉੱਤੇ ਚੱਲਣ ਦੀ ਹੌਲੀ ਆਵਾਜ਼ ਸੁਣਾਈ ਦੇ ਰਹੀ ਸੀ।
“ਇਹ ਬਹੁਤ ਵੱਡੀ ਸੇਵਾ ਸੀ,” ਪਿਤਾ ਜੀ ਨੇ ਸਮਝਾਇਆ। “ਕਾਗਜ਼, ਸਿਆਹੀ ਅਤੇ ਲਿਖਾਈ, ਹਰ ਗੱਲ ਦਾ ਬਹੁਤ ਧਿਆਨ ਰੱਖਿਆ ਜਾਂਦਾ ਸੀ। ਬਾਣੀ ਸਿਰਫ਼ ਉਸ ਸਮੇਂ ਦੀ ਸੰਗਤ ਲਈ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਸੰਭਾਲੀ ਜਾ ਰਹੀ ਸੀ।”
“ਸਾਡੇ ਵਰਗੇ ਬੱਚਿਆਂ ਲਈ ਵੀ,” ਸਿਮਰਨ ਨੇ ਹੌਲੀ ਜਿਹੀ ਆਖਿਆ।
“ਬਿਲਕੁਲ,” ਪਿਤਾ ਜੀ ਨੇ ਸਿਰ ਹਿਲਾਇਆ। “ਤੇ ਗੁਰੂ ਸਾਹਿਬ ਨੇ ਕੇਵਲ ਆਪਣੀ ਬਾਣੀ ਹੀ ਨਹੀਂ ਸ਼ਾਮਲ ਕੀਤੀ। ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਭਗਤ ਸਾਹਿਬਾਨ ਅਤੇ ਭੱਟ ਸਾਹਿਬਾਨ ਦੀ ਬਾਣੀ ਵੀ ਦਰਜ ਕਰਵਾਈ। ਪੰਦਰਾਂ ਭਗਤ ਸਾਹਿਬਾਨ ਅਤੇ ਗਿਆਰਾਂ ਭੱਟ ਸਾਹਿਬਾਨ ਵੱਖ-ਵੱਖ ਥਾਵਾਂ ਤੇ ਪਿਛੋਕੜਾਂ ਤੋਂ ਸਨ, ਪਰ ਉਨ੍ਹਾਂ ਦੀ ਬਾਣੀ ਇੱਕੋ ਰੱਬੀ ਸੱਚ ਨਾਲ ਜੋੜਦੀ ਹੈ।”
ਸਕਰੀਨ ਉੱਤੇ ਕੱਪੜਾ ਬੁਣਨ ਅਤੇ ਜੁੱਤੀਆਂ ਬਣਾਉਣ ਦੇ ਕੰਮ ਦੀਆਂ ਝਲਕਾਂ ਆਈਆਂ।
ਪਿਤਾ ਜੀ ਨੇ ਦੱਸਿਆ, “ਭਗਤ ਕਬੀਰ ਜੀ ਕੱਪੜਾ ਬੁਣਨ ਦਾ ਕੰਮ ਕਰਦੇ ਸਨ ਅਤੇ ਭਗਤ ਰਵਿਦਾਸ ਜੀ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਸਨ।”
“ਉਨ੍ਹਾਂ ਦੀ ਬਾਣੀ ਵੀ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਦਰਜ ਕੀਤੀ ਗਈ?” ਲੀਓ ਨੇ ਪੁੱਛਿਆ।
“ਹਾਂਜੀ। ਉਸ ਸਮੇਂ ਕਈ ਲੋਕ ਜਾਤ, ਪਰਿਵਾਰ ਜਾਂ ਕੰਮ ਦੇ ਆਧਾਰ ’ਤੇ ਦੂਜਿਆਂ ਨੂੰ ਛੋਟਾ ਸਮਝਦੇ ਸਨ।”
“ਪਰ ਇਹ ਤਾਂ ਗ਼ਲਤ ਹੈ,” ਲੀਓ ਨੇ ਤੁਰੰਤ ਕਿਹਾ।
“ਹਾਂਜੀ,” ਪਿਤਾ ਜੀ ਬੋਲੇ। “ਗੁਰੂ ਸਾਹਿਬ ਨੇ ਸਮਝਾਇਆ ਕਿ ਰੱਬੀ ਗਿਆਨ ਕਿਸੇ ਇੱਕ ਜਾਤ, ਧਰਮ ਜਾਂ ਅਮੀਰ-ਗ਼ਰੀਬ ਵਰਗ ਦੀ ਮਲਕੀਅਤ ਨਹੀਂ ਹੈ। ਸਭ ਦਾ ਰਚਨਹਾਰ ਇੱਕ ਹੈ। ਕਿਸੇ ਮਨੁੱਖ ਨੂੰ ਉਸ ਦੀ ਜਾਤ ਜਾਂ ਕੰਮ ਕਰਕੇ ਉੱਚਾ ਜਾਂ ਨੀਵਾਂ ਨਹੀਂ ਸਮਝਣਾ ਚਾਹੀਦਾ।”
ਲੀਓ ਮੁੜ ਸਕਰੀਨ ਵੱਲ ਵੇਖਣ ਲੱਗਾ। “ਵੱਖ-ਵੱਖ ਜੀਵਨਾਂ ਵਿੱਚੋਂ ਆਈ ਬਾਣੀ… ਇੱਕੋ ਪਾਵਨ ਗ੍ਰੰਥ ਵਿੱਚ।”
“ਤੇ ਸਭ ਸਾਨੂੰ ਇੱਕੋ ਰੱਬੀ ਸੱਚ ਨਾਲ ਜੋੜਦੀ ਹੈ,” ਪਿਤਾ ਜੀ ਨੇ ਕਿਹਾ।
ਰਾਗਾਂ ਦੀ ਮਿਠਾਸ
ਅੱਗੇ ਕੱਚ ਦੇ ਅੰਦਰ ਰਬਾਬ ਅਤੇ ਸਰੰਦਾ ਵਰਗੇ ਸਾਜ਼ ਰੱਖੇ ਹੋਏ ਸਨ। ਪਿਤਾ ਜੀ ਨੇ ਇੱਕ ਬਟਨ ਦਬਾਇਆ ਤਾਂ ਸਾਜ਼ਾਂ ਦੀ ਮਿੱਠੀ ਧੁਨ ਸੁਣਾਈ ਦੇਣ ਲੱਗੀ।
“ਇੱਥੇ ਸਾਜ਼ ਵੀ ਹਨ?” ਲੀਓ ਨੇ ਉਤਸੁਕਤਾ ਨਾਲ ਪੁੱਛਿਆ।
“ਹਾਂਜੀ। ਗੁਰਬਾਣੀ ਦਾ ਪਾਠ ਵੀ ਕੀਤਾ ਜਾਂਦਾ ਹੈ ਅਤੇ ਕੀਰਤਨ ਵੀ,” ਪਿਤਾ ਜੀ ਨੇ ਸਮਝਾਇਆ। “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਇਕੱਤੀ ਮੁੱਖ ਰਾਗਾਂ ਅਨੁਸਾਰ ਸਜਾਈ ਗਈ ਹੈ। ਰਾਗ ਗਾਉਣ ਦਾ ਇੱਕ ਢੰਗ ਹੁੰਦਾ ਹੈ, ਜਿਸ ਵਿੱਚ ਸੁਰ ਇੱਕ ਖ਼ਾਸ ਤਰੀਕੇ ਨਾਲ ਜੁੜਦੇ ਹਨ।”
“ਜਿਵੇਂ ਪ੍ਰਭਾਤੀ, ਸੋਰਠਿ ਅਤੇ ਸਿਰੀ ਰਾਗ,” ਸਿਮਰਨ ਨੇ ਕਿਹਾ। “ਹਰ ਰਾਗ ਦੀ ਆਪਣੀ ਪਛਾਣ ਅਤੇ ਆਪਣਾ ਅਹਿਸਾਸ ਹੁੰਦਾ ਹੈ।”
ਲੀਓ ਧਿਆਨ ਨਾਲ ਧੁਨ ਸੁਣ ਰਿਹਾ ਸੀ। “ਤਾਂ ਕੀ ਸੰਗੀਤ ਬਾਣੀ ਦੇ ਭਾਵ ਨੂੰ ਮਹਿਸੂਸ ਕਰਨ ਵਿੱਚ ਮਦਦ ਕਰਦਾ ਹੈ?”
“ਬਿਲਕੁਲ,” ਪਿਤਾ ਜੀ ਨੇ ਕਿਹਾ। “ਕਈ ਵਾਰ ਕੋਈ ਗੱਲ ਅਸੀਂ ਸੁਣ ਕੇ ਸਮਝ ਲੈਂਦੇ ਹਾਂ। ਜਦੋਂ ਉਹੀ ਗੱਲ ਕੀਰਤਨ ਰਾਹੀਂ ਸੁਣਦੇ ਹਾਂ, ਤਾਂ ਉਹ ਸਾਡੇ ਮਨ ਨੂੰ ਹੋਰ ਵੀ ਡੂੰਘਾ ਛੋਹ ਲੈਂਦੀ ਹੈ।”
“ਮੇਰੇ ਨਾਲ ਵੀ ਇੰਝ ਹੁੰਦਾ ਹੈ,” ਸਿਮਰਨ ਬੋਲੀ। “ਕਦੇ ਮੈਨੂੰ ਹਰ ਪੰਕਤੀ ਦਾ ਅਰਥ ਨਹੀਂ ਪਤਾ ਹੁੰਦਾ, ਪਰ ਕੀਰਤਨ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ।”
ਪਿਤਾ ਜੀ ਮੁਸਕਰਾਏ। “ਤੇ ਜਿਵੇਂ-ਜਿਵੇਂ ਅਸੀਂ ਬਾਣੀ ਦੇ ਅਰਥ ਸਿੱਖਦੇ ਹਾਂ, ਗੁਰੂ ਸਾਹਿਬ ਦੀ ਸਿੱਖਿਆ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲੱਗ ਪੈਂਦੇ ਹਾਂ।”
ਸਤਿਕਾਰ ਭਰੀ ਯਾਤਰਾ
ਅਗਲੇ ਹਿੱਸੇ ਵਿੱਚ ਪਹੁੰਚਦਿਆਂ ਹੀ ਅਜਾਇਬ ਘਰ ਦੀਆਂ ਰੌਸ਼ਨੀਆਂ ਹੌਲੀਆਂ ਹੋ ਗਈਆਂ। ਚਾਰੇ ਪਾਸੇ ਲੱਗੀਆਂ ਸਕਰੀਨਾਂ ਉੱਤੇ ਇੱਕ ਵੱਡੀ ਸੰਗਤ ਨਜ਼ਰ ਆਈ। ਕੀਰਤਨ ਦੀ ਆਵਾਜ਼ ਗੂੰਜ ਰਹੀ ਸੀ। ਇਹ ਰਾਮਸਰ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਵੱਲ ਜਾਂਦੀ ਸੰਗਤ ਦੀ ਝਲਕ ਸੀ।
ਵਿਚਕਾਰ ਇੱਕ ਬਜ਼ੁਰਗ ਸਿੱਖ ਪਾਵਨ ਸਰੂਪ ਆਪਣੇ ਸੀਸ ਉੱਤੇ ਸੁਸ਼ੋਭਿਤ ਕਰਕੇ ਚੱਲ ਰਹੇ ਸਨ।
“ਅੰਕਲ ਜੀ, ਇਹ ਕੌਣ ਹਨ?” ਲੀਓ ਨੇ ਪੁੱਛਿਆ।
“ਇਹ ਬਾਬਾ ਬੁੱਢਾ ਜੀ ਹਨ। ਆਪ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਗੁਰੂ ਘਰ ਦੀ ਸੇਵਾ ਅਤੇ ਸੰਗਤ ਕਰਨ ਦਾ ਸੁਭਾਗ ਮਿਲਿਆ ਸੀ। ਸੰਨ 1604 ਵਿੱਚ ਪਾਵਨ ਸਰੂਪ ਨੂੰ ਰਾਮਸਰ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਲਿਜਾਣ ਦੀ ਸੇਵਾ ਆਪ ਜੀ ਨੂੰ ਸੌਂਪੀ ਗਈ।”
“ਵੇਖੋ, ਆਪ ਜੀ ਦੇ ਚਿਹਰੇ ਉੱਤੇ ਕਿੰਨੀ ਸ਼ਾਂਤੀ ਹੈ,” ਸਿਮਰਨ ਨੇ ਕਿਹਾ।
ਸਕਰੀਨ ਉੱਤੇ ਫੁੱਲਾਂ ਦੀ ਵਰਖਾ ਹੋ ਰਹੀ ਸੀ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪਾਵਨ ਸਰੂਪ ਦੇ ਪਿੱਛੇ ਚੌਰ ਸਾਹਿਬ ਦੀ ਸੇਵਾ ਕਰਦੇ ਹੋਏ ਚੱਲ ਰਹੇ ਸਨ।
“ਚੌਰ ਸਾਹਿਬ ਦੀ ਸੇਵਾ ਕਿਉਂ ਕੀਤੀ ਜਾਂਦੀ ਹੈ?” ਲੀਓ ਨੇ ਪੁੱਛਿਆ।
“ਇਹ ਸਤਿਕਾਰ ਅਤੇ ਬਾਦਸ਼ਾਹੀ ਦੀ ਨਿਸ਼ਾਨੀ ਹੈ,” ਪਿਤਾ ਜੀ ਨੇ ਦੱਸਿਆ।
“ਪਰ ਗੁਰੂ ਅਰਜਨ ਦੇਵ ਸਾਹਿਬ ਜੀ ਤਾਂ ਆਪ ਗੁਰੂ ਸਨ। ਫਿਰ ਆਪ ਜੀ ਪਿੱਛੇ ਕਿਉਂ ਚੱਲ ਰਹੇ ਸਨ?”
ਪਿਤਾ ਜੀ ਨੇ ਬੜੇ ਸਤਿਕਾਰ ਨਾਲ ਜਵਾਬ ਦਿੱਤਾ, “ਗੁਰੂ ਸਾਹਿਬ ਸੰਸਾਰ ਨੂੰ ਸ਼ਬਦ ਦੀ ਮਹਾਨਤਾ ਸਮਝਾ ਰਹੇ ਸਨ। ਆਪ ਜੀ ਨੇ ਇਹ ਦਰਸਾਇਆ ਕਿ ਸ਼ਬਦ ਦਾ ਦਰਜਾ ਹਰ ਦੁਨਿਆਵੀ ਅਹੁਦੇ, ਮਾਣ ਅਤੇ ਤਾਕਤ ਤੋਂ ਉੱਚਾ ਹੈ।”
“ਕੀ ਕਿਸੇ ਰਾਜੇ ਤੋਂ ਵੀ ਉੱਚਾ?” ਲੀਓ ਨੇ ਹੈਰਾਨੀ ਨਾਲ ਪੁੱਛਿਆ।
“ਹਾਂਜੀ, ਹਰ ਰਾਜੇ ਤੋਂ ਉੱਚਾ,” ਪਿਤਾ ਜੀ ਨੇ ਕਿਹਾ।
ਪਹਿਲਾ ਹੁਕਮਨਾਮਾ
ਹੁਣ ਸਕਰੀਨ ਉੱਤੇ ਸ੍ਰੀ ਹਰਿਮੰਦਰ ਸਾਹਿਬ ਦਾ ਦ੍ਰਿਸ਼ ਸੀ। ਸਵੇਰ ਦੀ ਰੌਸ਼ਨੀ ਸਰੋਵਰ ਦੇ ਪਾਣੀ ਉੱਤੇ ਚਮਕ ਰਹੀ ਸੀ। ਸੰਗਤ ਬੜੇ ਪਿਆਰ ਅਤੇ ਸਤਿਕਾਰ ਨਾਲ ਬੈਠੀ ਸੀ।
“ਫਿਰ ਉੱਥੇ ਕੀ ਹੋਇਆ?” ਲੀਓ ਨੇ ਹੌਲੀ ਜਿਹੀ ਪੁੱਛਿਆ।
“ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਵਨ ਸਰੂਪ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ,” ਪਿਤਾ ਜੀ ਨੇ ਦੱਸਿਆ। “ਬਾਬਾ ਬੁੱਢਾ ਜੀ ਨੇ ਪਹਿਲਾ ਹੁਕਮਨਾਮਾ ਲਿਆ। ਹੁਕਮਨਾਮਾ ਗੁਰੂ ਸਾਹਿਬ ਦਾ ਉਹ ਬਚਨ ਹੈ, ਜਿਸ ਨੂੰ ਸੰਗਤ ਮਾਰਗਦਰਸ਼ਨ ਵਜੋਂ ਸੁਣਦੀ ਹੈ।”
ਪਿਤਾ ਜੀ ਨੇ ਸ਼ਰਧਾ ਨਾਲ ਪਾਵਨ ਪੰਕਤੀ ਪੜ੍ਹੀ:
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥
ਇਹ ਪੰਕਤੀ ਸਕਰੀਨ ਉੱਤੇ ਗੁਰਮੁਖੀ ਅੱਖਰਾਂ ਵਿੱਚ ਵੀ ਦਿਖਾਈ ਦਿੱਤੀ।
“ਇਸ ਦਾ ਕੀ ਅਰਥ ਹੈ?” ਲੀਓ ਨੇ ਪੁੱਛਿਆ।
ਸਿਮਰਨ ਨੇ ਸੌਖੇ ਸ਼ਬਦਾਂ ਵਿੱਚ ਦੱਸਿਆ, “ਪਰਮਾਤਮਾ ਆਪਣੇ ਸੰਤ ਜਨਾਂ ਦੇ ਕਾਰਜ ਸੰਵਾਰਨ ਲਈ ਆਪ ਸਹਾਈ ਹੁੰਦਾ ਹੈ।”
ਲੀਓ ਕੁਝ ਪਲ ਚੁੱਪ ਰਿਹਾ। “ਪਰਮਾਤਮਾ ਆਪ ਮਦਦ ਕਰਦਾ ਹੈ?”
“ਹਾਂਜੀ,” ਪਿਤਾ ਜੀ ਨੇ ਕਿਹਾ। “ਇਹ ਬਚਨ ਸਾਨੂੰ ਵਾਹਿਗੁਰੂ ਉੱਤੇ ਭਰੋਸਾ ਰੱਖਣ ਦੀ ਪ੍ਰੇਰਨਾ ਦਿੰਦੇ ਹਨ। ਸੱਚ ਦੇ ਰਾਹ ਉੱਤੇ ਤੁਰਦਿਆਂ ਸਾਨੂੰ ਯਾਦ ਰਹਿੰਦਾ ਹੈ ਕਿ ਵਾਹਿਗੁਰੂ ਸਾਡੇ ਅੰਗ-ਸੰਗ ਹਨ।”
ਅੱਗੇ ਰਾਤ ਦੇ ਵਿਸ਼ਰਾਮ ਦੀ ਝਲਕ ਦਿਖਾਈ ਗਈ। ਪਾਵਨ ਸਰੂਪ ਦਾ ਸੁਖਆਸਨ ਉੱਚੇ ਅਸਥਾਨ ਉੱਤੇ ਕੀਤਾ ਗਿਆ ਸੀ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਹੇਠਾਂ ਵਿਸ਼ਰਾਮ ਕਰ ਰਹੇ ਸਨ।
ਲੀਓ ਨੇ ਬੜੇ ਧਿਆਨ ਨਾਲ ਵੇਖਿਆ। “ਗੁਰੂ ਸਾਹਿਬ ਨੇ ਸਿਰਫ਼ ਸ਼ਬਦ ਦਾ ਸਤਿਕਾਰ ਕਰਨ ਲਈ ਕਿਹਾ ਹੀ ਨਹੀਂ…”
“ਆਪ ਕਰਕੇ ਵੀ ਵਿਖਾਇਆ,” ਸਿਮਰਨ ਨੇ ਉਸ ਦੀ ਗੱਲ ਪੂਰੀ ਕੀਤੀ।
ਚਾਨਣ ਦਾ ਅਰਥ
ਅਜਾਇਬ ਘਰ ਦੀਆਂ ਰੌਸ਼ਨੀਆਂ ਮੁੜ ਜਗ ਪਈਆਂ। ਤਿੰਨੇ ਦਰਬਾਰ ਹਾਲ ਵੱਲ ਤੁਰ ਪਏ। ਹਰ ਕਦਮ ਨਾਲ ਕੀਰਤਨ ਦੀ ਆਵਾਜ਼ ਹੋਰ ਸਾਫ਼ ਸੁਣਾਈ ਦੇ ਰਹੀ ਸੀ।
ਲੀਓ ਦਰਵਾਜ਼ੇ ਕੋਲ ਰੁਕਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਵੇਖਣ ਲੱਗਾ।
“ਮੈਨੂੰ ਲੱਗਦਾ ਹੈ, ਹੁਣ ਮੈਂ ਸਮਝ ਗਿਆ ਹਾਂ ਕਿ ਸਾਰੇ ਮੱਥਾ ਕਿਉਂ ਟੇਕਦੇ ਹਨ,” ਉਸ ਨੇ ਕਿਹਾ। “ਸੰਗਤ ਸਿਰਫ਼ ਕਾਗਜ਼ ਤੇ ਸਿਆਹੀ ਅੱਗੇ ਨਹੀਂ ਝੁਕਦੀ। ਸੰਗਤ ਸ਼ਬਦ ਗੁਰੂ ਅੱਗੇ ਸਿਰ ਨਿਵਾਉਂਦੀ ਹੈ, ਜੋ ਸਾਨੂੰ ਜੀਵਨ ਦਾ ਰਾਹ ਦਿਖਾਉਂਦੇ ਹਨ।”
ਸਿਮਰਨ ਨੇ ਸਹਿਮਤੀ ਵਿੱਚ ਸਿਰ ਹਿਲਾਇਆ। “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਵਾਹਿਗੁਰੂ ਨੂੰ ਯਾਦ ਕਰਨਾ, ਸੱਚ ਬੋਲਣਾ, ਸੇਵਾ ਕਰਨੀ ਅਤੇ ਸਭ ਵਿੱਚ ਇੱਕੋ ਰੱਬੀ ਜੋਤ ਪਛਾਣਨੀ ਸਿਖਾਉਂਦੇ ਹਨ।”
“ਤੇ ਹਾਜ਼ਰ-ਨਾਜ਼ਰ ਗੁਰੂ ਦਾ ਕੀ ਭਾਵ ਹੈ?” ਲੀਓ ਨੇ ਪੁੱਛਿਆ।
“ਗੁਰੂ ਸਾਹਿਬ ਅੱਜ ਵੀ ਸਾਨੂੰ ਬਾਣੀ ਰਾਹੀਂ ਸੇਧ ਦਿੰਦੇ ਹਨ,” ਸਿਮਰਨ ਨੇ ਸਮਝਾਇਆ। “ਜਦੋਂ ਮੈਂ ਉਦਾਸ ਹੁੰਦੀ ਹਾਂ ਜਾਂ ਕਿਸੇ ਗੱਲ ਦੀ ਚਿੰਤਾ ਹੁੰਦੀ ਹੈ, ਮੈਂ ਗੁਰਬਾਣੀ ਤੋਂ ਸੇਧ ਲੈਂਦੀ ਹਾਂ। ਮੈਨੂੰ ਆਪਣੀ ਮੁਸ਼ਕਲ ਨੂੰ ਸਮਝਣ ਦਾ ਨਵਾਂ ਢੰਗ ਮਿਲਦਾ ਹੈ।”
“ਤਾਂ ਦੁਨੀਆ ਬਦਲਦੀ ਰਹਿੰਦੀ ਹੈ, ਪਰ ਸ਼ਬਦ ਅੱਜ ਵੀ ਸਾਨੂੰ ਰਾਹ ਦਿਖਾਉਂਦਾ ਹੈ,” ਲੀਓ ਨੇ ਕਿਹਾ।
“ਬਿਲਕੁਲ ਸਹੀ,” ਪਿਤਾ ਜੀ ਮੁਸਕਰਾਏ।
ਲੀਓ ਦੇ ਚਿਹਰੇ ਉੱਤੇ ਸਮਝ ਆਉਣ ਦੀ ਖ਼ੁਸ਼ੀ ਸੀ। “ਇਹ ਤਾਂ ਇੱਕ ਚਾਨਣ ਵਾਂਗ ਹੈ। ਭਾਵੇਂ ਆਲੇ-ਦੁਆਲੇ ਹਨੇਰਾ ਹੋਵੇ ਜਾਂ ਕੁਝ ਸਮਝ ਨਾ ਆ ਰਿਹਾ ਹੋਵੇ, ਪਰ ਇਹ ਚਾਨਣ ਸਾਨੂੰ ਰਾਹ ਦਿਖਾਉਂਦਾ ਹੈ।”
“ਤੇ ਸ਼ਾਇਦ ਹੁਣ ਤੁਹਾਨੂੰ ‘ਪ੍ਰਕਾਸ਼’ ਦਾ ਅਰਥ ਵੀ ਸਮਝ ਆ ਗਿਆ ਹੋਵੇਗਾ,” ਪਿਤਾ ਜੀ ਨੇ ਕਿਹਾ।
“ਚਾਨਣ?”
“ਹਾਂਜੀ, ਚਾਨਣ ਨਾਲ ਰੌਸ਼ਨ ਹੋ ਜਾਣਾ। ਜਿਵੇਂ ਦੀਵਾ ਹਨੇਰੇ ਵਿੱਚ ਰਾਹ ਦਿਖਾਉਂਦਾ ਹੈ, ਉਸੇ ਤਰ੍ਹਾਂ ਗੁਰਬਾਣੀ ਸਾਨੂੰ ਜੀਵਨ ਦਾ ਰਾਹ ਦਿਖਾਉਂਦੀ ਹੈ। ਪਹਿਲੇ ਪ੍ਰਕਾਸ਼ ਦਾ ਦਿਨ ਸਾਨੂੰ ਇਸ ਰੱਬੀ ਗਿਆਨ ਦੇ ਚਾਨਣ ਦੀ ਯਾਦ ਵੀ ਕਰਵਾਉਂਦਾ ਹੈ।”
“ਇੱਕ ਅਜਿਹਾ ਚਾਨਣ, ਜੋ ਕਦੇ ਮੱਧਮ ਨਹੀਂ ਪਿਆ,” ਲੀਓ ਨੇ ਹੌਲੀ ਜਿਹੀ ਕਿਹਾ।
“ਬਿਲਕੁਲ,” ਸਿਮਰਨ ਮੁਸਕਰਾਈ।
ਪਿਤਾ ਜੀ ਨੇ ਪਿਆਰ ਨਾਲ ਕਿਹਾ, “ਆਓ ਜੀ, ਹੁਣ ਸੰਗਤ ਵਿੱਚ ਬੈਠ ਕੇ ਕੀਰਤਨ ਦਾ ਆਨੰਦ ਮਾਣੀਏ।”
ਮਨ ਵਿੱਚ ਵੱਸਦਾ ਚਾਨਣ
ਤਿੰਨੇ ਦਰਬਾਰ ਹਾਲ ਵਿੱਚ ਆ ਗਏ। ਸਿਮਰਨ ਨੇ ਅੱਗੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ। ਲੀਓ ਉਸ ਨੂੰ ਵੇਖ ਰਿਹਾ ਸੀ। ਇਸ ਵਾਰ ਉਸ ਨੂੰ ਇਸ ਸਤਿਕਾਰ ਦਾ ਅਰਥ ਸਮਝ ਆ ਰਿਹਾ ਸੀ।
ਉਸ ਨੇ ਵੀ ਹੱਥ ਜੋੜੇ ਅਤੇ ਸ਼ਰਧਾ ਨਾਲ ਸਿਰ ਨਿਵਾਇਆ। ਫਿਰ ਉਹ ਸਿਮਰਨ ਅਤੇ ਉਸ ਦੇ ਪਿਤਾ ਜੀ ਕੋਲ ਸੰਗਤ ਵਿੱਚ ਬੈਠ ਗਿਆ। ਬੱਚੇ, ਵੱਡੇ ਅਤੇ ਬਜ਼ੁਰਗ ਸਭ ਇਕੱਠੇ ਕੀਰਤਨ ਸੁਣ ਰਹੇ ਸਨ।
ਕੁਝ ਦੇਰ ਬਾਅਦ ਲੀਓ ਨੇ ਹੌਲੀ ਜਿਹੀ ਕਿਹਾ, “ਸਿਮਰਨ?”
“ਹਾਂਜੀ?”
“ਮੈਨੂੰ ਲੱਗਦਾ ਹੈ, ਹੁਣ ਮੈਂ ਸਮਝ ਗਿਆ ਹਾਂ ਕਿ ਤੁਸੀਂ ਪਹਿਲਾਂ ਕੀ ਕਹਿ ਰਹੇ ਸੀ। ਸ਼ਬਦ ਸਾਡੇ ਵਾਂਗ ਸਾਹ ਤਾਂ ਨਹੀਂ ਲੈਂਦੇ। ਪਰ ਸੰਗਤ ਸਦੀਆਂ ਤੋਂ ਇਹ ਬਾਣੀ ਸੁਣਦੀ ਆਈ ਹੈ। ਇਸ ਤੋਂ ਸੰਗਤ ਨੂੰ ਹਿੰਮਤ ਮਿਲਦੀ ਹੈ, ਮਨ ਨੂੰ ਸ਼ਾਂਤੀ ਮਿਲਦੀ ਹੈ… ਤੇ ਜੀਵਨ ਜਿਉਣ ਦਾ ਢੰਗ ਹੀ ਬਦਲ ਜਾਂਦਾ ਹੈ।”
ਸਿਮਰਨ ਪਿਆਰ ਨਾਲ ਉਸ ਦੀ ਗੱਲ ਸੁਣ ਰਹੀ ਸੀ।
“ਤਾਂ ਜਦੋਂ ਵੀ ਕੋਈ ਸ਼ਬਦ ਸੁਣ ਕੇ ਉਸ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਅਪਣਾਉਂਦਾ ਹੈ,” ਲੀਓ ਨੇ ਆਪਣੀ ਗੱਲ ਪੂਰੀ ਕੀਤੀ, “ਉਸ ਦਾ ਚਾਨਣ ਅੱਗੇ ਫੈਲਦਾ ਰਹਿੰਦਾ ਹੈ।”
“ਹਾਂਜੀ,” ਸਿਮਰਨ ਨੇ ਮੁਸਕਰਾ ਕੇ ਕਿਹਾ। “ਸ਼ਬਦ ਗੁਰੂ ਸਦਾ ਸਾਡੇ ਅੰਗ-ਸੰਗ ਹਨ।”
ਦੋਵੇਂ ਮੁੜ ਚੁੱਪ ਕਰਕੇ ਕੀਰਤਨ ਸੁਣਨ ਲੱਗ ਪਏ। ਦਰਬਾਰ ਹਾਲ ਵਿੱਚ ਵਾਹਿਗੁਰੂ ਦਾ ਸਿਮਰਨ ਗੂੰਜ ਰਿਹਾ ਸੀ।
ਲੀਓ ਜਦੋਂ ਆਇਆ ਸੀ, ਉਸ ਦੇ ਮਨ ਵਿੱਚ ਇੱਕ ਸਵਾਲ ਸੀ। ਹੁਣ ਉਸ ਦੇ ਮਨ ਵਿੱਚ ਇੱਕ ਚਾਨਣ ਸੀ, ਜਿਸ ਨੂੰ ਉਹ ਆਪਣੇ ਨਾਲ ਲੈ ਕੇ ਜਾ ਰਿਹਾ ਸੀ।
ਇੱਕ ਅਜਿਹਾ ਚਾਨਣ, ਜੋ ਕਦੇ ਮੱਧਮ ਨਹੀਂ ਪੈਂਦਾ।